ਐੱਸਪੀਐੱਸ ਹਸਪਤਾਲ ਦੇ ਬਾਹਰ ਅੱਜ 400 ਦੇ ਕਰੀਬ ਨਰਸਾਂ ਨੇ ਆਪਣਾ ਕੰਮਕਾਜ ਛੱਡ ਕੇ ਧਰਨਾ ਦਿੱਤਾ। ਨਰਸਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲੋਂ ਵੀਹ-ਵੀਹ ਘੰਟੇ ਕੰਮ ਕਰਵਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਲਗਾਤਾਰ ਇੰਨੇ ਸਮੇਂ ਤਕ ਪੀਪੀਈ ਕਿੱਟ ਪਾ ਕੇ ਕੰਮ ਕਰਨਾ ਮੁਸ਼ਕਿਲ ਹੋ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਕਾਫੀ ਨਰਸਾਂ ਕੋਰੋਨਾ ਪਾਜ਼ੇਟਿਵ ਵੀ ਹੋ ਚੁੱਕੀਆਂ ਹਨ। ਨਰਸਾਂ ਦੇ ਯੂਨੀਅਨ ਆਗੂਆਂ ਮਨਦੀਪ ਕੌਰ ਤੇ ਜਸਪ੍ਰੀਤ ਕੌਰ ਨੇ ਹਸਪਤਾਲ ਪ੍ਰਬੰਧਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇੰਕਰੀਮੈਂਟ ਤੋਂ ਵਾਂਝਿਆ ਕੀਤਾ ਗਿਆ ਹੈ।
ਕੋਰੋਨਾ ਵਾਰਡ 'ਚ ਡਿਊਟੀ ਦੌਰਾਨ ਕਿਹਾ ਗਿਆ ਸੀ ਕਿ ਜਿੰਨਾ ਸਟਾਫ ਕੋਰੋਨਾ ਵਾਰਡ 'ਚ ਡਿਊਟੀ ਕਰੇਗਾ, ਉਸ ਨੂੰ 200 ਰੁਪਏ ਰੋਜ਼ਾਨਾ ਵਾਧੂ ਭੱਤਾ ਦਿੱਤਾ ਜਾਵੇਗਾ, ਪਰ ਅਜੇ ਤਕ ਇਕ ਰੁਪਿਆ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਹਸਪਤਾਲ ਪ੍ਰਬੰਧਕਾਂ ਨੂੰ ਕਿਹਾ ਕਿ ਮਨੀਸ਼ ਕੁਮਾਰ ਹਸਪਤਾਲ ਦੇ ਐੱਚਆਰ ਹੈੱਡ ਅਤੇ ਰਮਨਦੀਪ ਕੌਰ ਕੁਆਲਿਟੀ ਹੈੱਡ ਨੂੰ ਹਸਪਤਾਲ 'ਚੋਂ ਕੱਢਿਆ ਜਾਵੇ। ਉਹ ਡਬਲ ਡਿਊਟੀ ਕਰਨ ਨੂੰ ਤਿਆਰ ਹਨ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਿਆਂ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਹੋਰ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਟਾਫ਼ 'ਚੋਂ 80 ਦੇ ਕਰੀਬ ਨਰਸਾਂ ਕੋਰੋਨਾ ਪਾਜ਼ੇਟਿਵ ਹਨ, ਇਨ੍ਹਾਂ ਨੂੰ ਵੀ 15 ਦਿਨਾਂ ਦੇ ਹੋਮ ਕੁਆਰੰਟਾਈਨ ਤੋਂ ਬਾਅਦ ਡਿਊਟੀਆਂ ਕਰਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ।
EmoticonEmoticon