ਕੋਰੋਨਾ ਵਾਇਰਸ ਦੇ ਪ੍ਰਬੰਧ ਵਿੱਚ ਮਦਦ ਲਈ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਤਿੰਨ-ਤਿੰਨ ਮੈਂਬਰੀ ਇਹ ਟੀਮਾਂ ਕੋਵਿਡ-19 ਦੇ ਵਧੇਰੇ ਮਾਮਲਿਆਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਤੇ ਕੋਰੋਨਾ ਵਾਇਰਸ ਦੇ ਪ੍ਰੀਖਣ, ਇਸ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਣ ਤੇ ਇਸ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਨਗੇ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ; ਇਸੇ ਲਈ ਉਨ੍ਹਾਂ ਲਈ ਖ਼ਾਸ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ।ਇਸ ਤੋਂ ਪਹਿਲਾਂ ਅਜਿਹੀਆਂ ਕੇਂਦਰੀ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਨੀਪੁਰ ਤੇ ਛੱਤੀਸਗੜ੍ਹ ਭੇਜੀਆਂ ਗਈਆਂ ਸਨ।
ਮੰਤਰਾਲੇ ਮੁਤਾਬਕ ਕੇਂਦਰੀ ਟੀਮਾਂ ਸਮੇਂ ’ਤੇ ਡਾਇਓਗਨੋਸਿਸ ਤੇ ਪ੍ਰਮੁੱਖ ਨਿਯਮਾਂ ਦੇ ਪਾਲਣ ਨਾਲ ਸਬੰਧਤ ਚੁਣੌਤੀਆਂ ਉੱਤੇ ਚੌਕਸ ਨਜ਼ਰ ਰੱਖਣਗੀਆਂ। ਕੇਂਦਰੀ ਮੰਤਰਾਲੇ ਮੁਤਾਬਕ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ, ਜਦਕਿ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਲੈ ਕੇ 50,000 ਸਰਗਰਮ ਮਾਮਲੇ ਹਨ। ਭਾਰਤ ’ਚ ਇਸ ਵੇਲੇ ਕੋਰੋਨਾ ਵਾਇਰਸ ਦੇ 4 ਲੱਖ 40 ਹਜ਼ਾਰ 962 ਐਕਟਿਵ ਕੇਸ ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 4.85 ਫ਼ੀਸਦੀ ਹਨ। ਦੇਸ਼ ਵਿੱਚ ਇਸ ਵਾਇਰਸ ਤੋਂ ਸਿਹਤਯਾਬ ਹੋਣ ਦੀ ਦਰ 93.69 ਫ਼ੀਸਦੀ ਹੈ।
EmoticonEmoticon