ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ, ਪਰ ਯੂਕੇ ਦੇ ਸਿੱਖ ਡਾਕਟਰ ਇਸ ਵਾਇਰਸ ਕਾਰਨ ਆਪਣੇ ਸਿਹਤ ਸੁਰੱਖਿਆ ਸਿਸਟਮ ਵੱਲੋਂ ਚੁੱਕੇ ਕਦਮਾਂ ਤੋਂ ਦੁਖੀ ਹਨ। ਬਰਤਾਨਵੀ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੌਰਾਨ ਹਸਪਤਾਲਾਂ ’ਚ ਡਿਊਟੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਸਿਹਤ ਵਿਭਾਗ ਮੁਤਾਬਕ ਉਨ੍ਹਾਂ ਦੀ ਦਾੜ੍ਹੀ ਮਹਾਮਾਰੀ ਦੇ ਇਲਾਜ ਵਿੱਚ ਰੁਕਾਵਟ ਹੈ। ਇਸ ਲਈ ਵਿਭਾਗ ਨੇ ਉਨ੍ਹਾਂ ਨੂੰ ਦਾੜ੍ਹੀ ਕਟਵਾਉਣ ਜਾਂ ਉਸਤਰਾ ਲਵਾਉਣ ਲਈ ਆਖਿਆ ਹੈ।
ਜਿੱਥੇ ਪੂਰੀ ਦੁਨੀਆ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਪਾਏ ਜਾ ਰਹੇ ਆਪਣੇ ਯੋਗਦਾਨ ਕਾਰਨ ਸਿੱਖਾਂ ਦੀ ਸ਼ਲਾਘਾ ਹੋ ਰਹੀ ਹੈ, ਉੱਥੇ ਯੂਕੇ ਦੇ ਸਿੱਖ ਡਾਕਟਰ ਇਸ ਵਤੀਰੇ ਤੋਂ ਨਿਰਾਸ਼ ਹਨ। ਸਿੱਖ ਡਾਕਟਰਾਂ ਨੇ ਐੱਨਐੱਚਐੱਸ ਨੂੰ ਬਿਹਤਰ ਸੁਰੱਖਿਆ ਉਪਕਰਣ ਮੁਹੱਈਆ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਵੀ ਸੰਕਟ ਦੇ ਇਸ ਦੌਰ ’ਚ ਆਪਣਾ ਯੋਗਦਾਨ ਪਾ ਸਕਣ। ਵਿਭਾਗ ਦਾ ਤਰਕ ਹੈ ਕਿ ਸਿੱਖਾਂ ਦੀ ਦਾੜ੍ਹੀ ਕਾਰਨ ਚਿਹਰੇ 'ਤੇ ਕਾਫੀ ਵਾਲ ਹੁੰਦੇ ਹਨ ਜੋ ਸੁਰੱਖਿਆ ਮਾਸਕ ਨੂੰ ਪੂਰੀ ਤਰ੍ਹਾਂ ਨਾਲ ਫਿਟ ਨਹੀਂ ਹੋਣ ਦਿੰਦੇ।
ਇਸ ਕਰਕੇ ਸਿੱਖ ਡਾਕਟਰਾਂ ਨੂੰ ਕੋਰੋਨਾ ਵਾਇਰਸ ਪੀੜਤਾਂ ਦਾ ਇਲਾਜ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਸਿੱਖ ਡਾਕਟਰਸ ਐਸੋਸੀਏਸ਼ਨ ਨੂੰ ਅਜਿਹੇ ਪੰਜ ਸਿੱਖ ਡਾਕਟਰਾਂ ਤੋਂ ਰਿਪੋਰਟਾਂ ਮਿਲੀਆਂ, ਜਿਨ੍ਹਾਂ ਨੂੰ ਨੈਸ਼ਨਲ ਹੈਲਥ ਸਰਵਿਸ ਹਸਪਤਾਲਾਂ ਦੀ ਸ਼ਿਫ਼ਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
EmoticonEmoticon